26 January, 2017

How fiber cable came

ਇੰਟਰਨੈੱਟ ਦੀ ਸਪੀਡ ਲਈ ਅੱਜ ਤੋਂ ਸਭ ਦੇ ਤੇਜ਼ ਮਾਧਿਆਮ ਫਾਈਬਰ ਆਪਟਿਕਸ ਦਾ ਪਿਤਾਮਾ ਨਰਿੰਦਰ ਸਿੰਘ ਕਪਾਨੀ 31 ਅਕਤੂਬਰ 1926 ਨੂੰ ਮੋਗਾ (ਪੰਜਾਬ) ਵਿਖੇ ਜਨਮੇ ਸ੍ਰ. ਨਰਿੰਦਰ ਸਿੰਘ ਕਪਾਨੀ ਨੇ ਫਾਈਬਰ ਆਪਟਿਕਸ ਦੀ ਖੋਜ ਕਰਕੇ ਦੁਨੀਆਂ ਭਰ ਵਿੱਚ ਪ੍ਰਸਿੱਧੀ ਖੱਟੀ ਹੈ। ਫਾਰਚੂਨ ਮੈਗਜ਼ੀਨ ਨੇ ਉਸਨੂੰ 1999 ਵਿੱਚ ਬਿਜ਼ਨਸਮੈਨ ਆਫ ਦਾ ਸੈਂਚੁਰੀ ਐਲਾਨਿਆ ਸੀ। ਨਰਿੰਦਰ ਸਿੰਘ ਕਪਾਨੀ ਨੇ ਭਾਰਤ ਵਿੱਚੋਂ ਹੀ ਸਿੱਖਿਆ ਹਾਸਲ ਕੀਤੀ। ਉਹ 45 ਸਾਲ ਅਮਰੀਕਾ ਰਹੇ। 1952 ਵਿੱਚ ਪਹਿਲਾਂ ਮਿਲੇ ਅਧਿਐਨ ਨੇ ਆਪਟੀਕਲ ਫਾਈਬਰ ਦੀ ਖੋਜ ਦਾ ਰਸਤਾ ਦਿਖਾਇਆ। ਕਪਾਨੀ ਨੇ ਆਗਰਾ ਯੂਨੀਵਰਸਿਟੀ ਤੋਂ ਸਾਇਸ ਵਿੱਚ ਗ੍ਰੈਜੂਏਸ਼ਨ ਡਿਗਰੀ ਹਾਸਲ ਕੀਤੀ ਅਤੇ ਆਪਣੀ ਐਡਵਾਂਸ ਸਟੱਡੀ ਆਪਟਿਕਸ ਵਿਸ਼ੇ ਵਿੱਚ ਪੂਰੀ ਕੀਤੀ। 1955 ਵਿੱਚ ਪੀ. ਐੱਚ. ਡੀ. ਦੀ ਡਿਗਰੀ ਇੰਪੀਰੀਅਲ ਕਾਲਜ ਲੰਡਨ ਤੋਂ ਪ੍ਰਾਪਤ ਕੀਤੀ। ਉਸਦੇ ਪਿਤਾ ਅੰਬਾਲਾ ਦੇ ਪ੍ਰਸਿੱਧ ਪਰਉਪਕਾਰੀ ਸ੍ਰ. ਗੁਰਚਰਨ ਸਿੰਘ ਕੰਪਾਨੀ ਦੇ ਛੋਟੇ ਭਰਾ ਸਨ। ਉਨ੍ਹਾਂ ਦਾ ਕੈਰੀਅਰ ਸਾਇੰਸ, ਉੱਦਮ, ਮੈਨੇਜਮੈਂਟ, ਅਕੈਡਮਿਕ, ਪਬਲਿਸ਼ਿੰਗ, ਲੈਕਚਰਿੰਗ ਅਤੇ ਫਾਰਮਿੰਗ ਤੱਕ ਫੈਲਿਆ ਹੋਇਆ ਹੈ। ਇਸ ਤੋਂ ਇਲਾਵਾ ਕਲਾ ਅਤੇ ਬੁੱਤ¸ਤਰਾਸ਼ੀ ਵਿੱਚ ਉਨ੍ਹਾਂ ਦੀ ਖਾਸ ਦਿਲਚਸਪੀ ਹੈ। ਕਪਾਨੀ ਨੂੰ ਫਾਈਬਰ ਆਪਟਿਕਸ ਦੇ ਮੋਢੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸਦੀ ਖੋਜ 'ਤੇ ਕਾਢ ਫਾਈਬਰ ਆਪਟਿਕਸ ਕਮਿਉਨੀਕੇਸ਼ਨ, ਲੇਜ਼ਰਜ਼, ਬਾਇਓ ਮੈਡੀਕਲ ਇੰਸਟਰੂਮੈਂਟਸ, ਸੋਲਰ ਐਨਰਜੀ ਅਤੇ ਪ੍ਰਦੂਸ਼ਣ ਮਾਪਣ ਆਦਿ ਖੇਤਰਾਂ ਤੱਕ ਫੈਲੀ ਹੋਈ ਹੈ। ਉਸਦੇ ਕੋਲ 100 ਤੋਂ ਜ਼ਿਆਦਾ ਪੇਟੈਂਟ ਹਨ। ਉਹ ਅਮਰੀਕਾ ਦੀ ਨੈਸ਼ਨਲ ਇਨਵੈਂਟਰਜ਼ ਕੌਂਸਲ ਦੇ ਮੈਂਬਰ ਵੀ ਹਨ। ਉਨ੍ਹਾਂ ਨੇ ਅਮਰੀਕਾ ਦੀ ਪੈਨ ਏਸ਼ੀਆ ਅਮਰੀਕਨ ਚੈਂਬਰ ਆਫ ਕਾਮਰਜ਼ ਤੋਂ 'ਦਾ ਐਕਸਲੈਂਸ 2000 ਐਵਾਰਡ' ਵੀ ਜਿੱਤਿਆ। ਉਹ ਬ੍ਰਿਟਿਸ਼ ਰਾਇਲ ਅਕੈਡਮੀ ਆਫ ਇੰਜਨੀਅਰਿੰਗ ਸਮੇਤ ਅਨੇਕਾਂ ਸਾਇੰਟਿਫਕ ਸੁਸਾਇਟੀਆਂ ਦੇ ਮੈਂਬਰ ਹਨ। ਇਨ੍ਹਾਂ ਵਿੱਚ ਹੀ ਆਪਟੀਕਲ ਸੁਸਾਇਟੀ ਆਫ ਅਮੈਰਿਕਾ ਅਤੇ ਅਮੈਰਿਕਨ ਐਸੋਸੀਏਸ਼ਨ ਫਾਰ ਦਾ ਐਡਵਾਂਸਮੈਂਟ ਆਫ ਸਾਇੰਸ ਵੀ ਸ਼ਾਮਿਲ ਹਨ। ਵਪਾਰ ਅਤੇ ਉੱਦਮ ਵਿੱਚ ਸ਼ਾਮਿਲ ਹੋਣਾ; ਇੱਕ ਬਿਜ਼ਨਸਮੈਨ ਐਗਜ਼ੀਕਿਊਟਿਵ ਅਤੇ ਇੱਕ ਉੱਦਮੀ ਵਜੋਂ ਸ੍ਰ. ਕਪਾਨੀ ਨੇ ਤਕਨੀਕੀ ਪ੍ਰਬੰਧ ਅਤੇ ਤਕਨੀਕ ਤਬਾਦਲੇ ਖੇਤਰ ਵਿੱਚ ਨਵੀਆਂ ਰਾਹਾਂ ਲੱਭਣ ਵਿੱਚ ਮੁਹਾਰਤ ਹਾਸਲ ਕੀਤੀ। 1960 ਵਿੱਚ ਉਨ੍ਹਾਂ ਆਪਟਿਕ ਟੈਕਨਾਲੌਜੀ ਇੰਕ. ਕੰਪਨੀ ਸਥਾਪਤ ਕੀਤੀ ਅਤੇ 12 ਸਾਲਾਂ ਤੱਕ ਉਸਦੇ ਚੇਅਰਮੈਨ ਆਫ ਬੋਰਡ, ਪ੍ਰੈਜ਼ੀਡੈਂਟ ਅਤੇ ਡਾਇਰੈਕਟਰ ਆਫ ਰਿਸਰਚ ਰਹੇ। 1967 ਵਿੱਚ ਕਪਾਨੀ ਅਮਰੀਕਾ ਅਤੇ ਵਿਦੇਸ਼ਾਂ ਵਿੱਚ ਕਈ ਸਥਾਪਤ ਕਾਰਪੋਰੇਟ ਅਦਾਰਿਆਂ ਅਤੇ ਜਨਤਕ ਭਾਈਵਾਲੀ ਨਾਲ ਉੱਭਰ ਕੇ ਸਾਹਮਣੇ ਆਏ। 1973 ਵਿੱਚ ਕਪਾਨੀ ਨੇ ਕੈਪਟਰਾਨ ਨਾਂ ਦੀ ਕੰਪਨੀ ਸਥਾਪਤ ਕੀਤੀ ਅਤੇ 1990 ਤੱਕ ਉਸਦੇ ਸੀ. ਈ. ਓ. ਅਤੇ ਪ੍ਰੈਜ਼ੀਡੈਂਟ ਰਹੇ। ਬਾਅਦ ਵਿੱਚ ਇਹ ਕੰਪਨੀ ਉਨ੍ਹਾਂ ਏ. ਐੱਸ. ਪੀ. ਇਨਕਾਰਪੋਰੇਟਡ ਨੂੰ ਵੇਚ ਦਿੱਤੀ। ਅਗਲੇ 9 ਸਾਲਾਂ ਤੱਕ ਕਪਾਨੀ ਏ. ਐੱਮ. ਪੀ. ਦੇ ਫੈਲੋ ਰਹੇ ਫਿਰ ਗਲੋਬਲ ਕਮਿਉਨੀਕੇਸ਼ਨ ਬਿਜ਼ਨਸ ਫਰਮ ਇੰਟਰਪ੍ਰਨਿਓਰ ਅਤੇ ਟੈਕਨੀਕਲ ਐਕਸਪਰਟ ਪ੍ਰੋਗਰਾਮ ਖੇਤਰ ਵਿੱਚ ਸੇਵਾ ਕਰਦਿਆਂ ਚੀਫ ਟੈਕਨਾਲੋਜਿਸ ਰਹੇ। ਹਾਲ ਹੀ ਵਿਚ ਉਨ੍ਹਾਂ ਨੇ 'ਕੇ¸ਟੂ ਆਪਟ੍ਰੌਨਿਕਸ' ਦੀ ਖੋਜ ਕੀਤੀ। ਉਹ ਬੇਸ ਪ੍ਰੈਜ਼ੀਡੈਂਟਸ ਆਰਗੇਨਾਈਜੇਸ਼ਨ ਦੇ ਮੈਂਬਰ ਰਹੇ ਅਤੇ ਹੁਣ ਵਰਲਡ ਪ੍ਰੈਜ਼ੀਡੈਂਟਸ ਆਰਗੇਨਾਈਜ਼ੇਸ਼ਨ ਦੇ ਮੈਂਬਰ ਹਨ। ਇੱਕ ਅਕੈਡਮੀਸ਼ਨ ਵਜੋਂ ਸ੍ਰ. ਕਪਾਨੀ ਨੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਪੜ੍ਹਾਇਆ ਅਤੇ ਉਨ੍ਹਾਂ ਦੀਆਂ ਖੋਜ ਗਤੀਵਿਧੀਆਂ ਦੀ ਨਿਗਰਾਨੀ ਕੀਤੀ। ਉਹ ਯੂਨੀਵਰਸਿਟੀ ਆਫ ਕੈਲੇਫੋਰਨੀਆਂ ਬਰਕਲੇ ਅਤੇ ਯੂਨੀਵਰਸਿਟੀ ਆਫ ਕੈਲੇਫੋਰਨੀਆਂ ਸਾਂਤਾ ਕਰੂਜ਼ ਵਿਖੇ ਰੀਜ਼ੈਟਸ ਪ੍ਰੋਫੈਸਰ ਵੀ ਰਹੇ। ਉਹ ਸੈਂਟਰ ਫਾਰ ਇਨੋਵੇਸ਼ਨ ਐਂਡ ਇੰਟਰਪ੍ਰਨਿਓਰ ਡਿਵੈਲਪਮੈਂਟ ਦੇ ਸੱਤ ਸਾਲਾਂ ਤੱਕ ਮੈਂਬਰ ਵੀ ਰਹੇ। ਸਟੈਨਫੋਰਡ ਯੂਨੀਵਰਸਿਟੀ ਵਿਖੇ ਉਹ ਫਿਜ਼ਿਕਸ ਡਿਪਾਰਟਮੈਂਟ ਵਿੱਚ ਵਿਜ਼ਟਿੰਗ ਸਕਾਲਰ ਅਤੇ ਇਲੈਕਟ੍ਰੀਕਲ ਇੰਜਨੀਅਰਿੰਗ ਵਿਭਾਗ ਵਿੱਚ ਕਨਸਟਿੰਗ ਪ੍ਰੌਫੈਸਰ ਵੀ ਰਹੇ। ਖੋਜੀ ਵਿਦਵਾਨ ਇੱਕ ਲੇਖਕ ਅਤੇ ਬੁਲਾਰੇ ਵਜੋਂ ਸ੍ਰ. ਕਪਾਨੀ ਨੇ ਚਾਰ ਕਿਤਾਬਾਂ ਆਪਟੋ¸ਇਲੈਕਟ੍ਰਾਨਿਕਸ ਅਤੇ ਇੰਟਰਪ੍ਰੀਨਿਓਰਸ਼ਿਪ ਬਾਰੇ ਲਿਖੀਆਂ। 100 ਤੋਂ ਵੱਧ ਵਿਗਿਆਨਕ ਖੋਜਾਂ ਸਬੰਧੀ ਪੇਪਰ ਲਿਖੇ ਅਤੇ ਪੜ੍ਹੇ। ਵੱਖ ਵੱਖ ਨੈਸ਼ਨਲ ਅਤੇ ਇੰਟਰਨੈਸ਼ਨਲ ਸਾਇੰਟਫਿਕ ਸੁਸਾਇਟੀਆਂ ਲਈ ਭਾਸ਼ਨ ਦਿੱਤੇ। 1960 ਵਿੱਚ ਸ੍ਰ. ਕਪਾਨੀ ਦੁਆਰਾ ਫਾਈਬਰ ਆਪਟਿਕਸਿਨ ਸਾਇੰਟਫਿਕ ਅਮੈਰਿਕਨ ਵਿਸ਼ੇ 'ਤੇ ਲਿਖੇ ਲੇਖ ਨੇ ਨਵੀਂ ਟਰਮ 'ਫਾਈਬਰ ਆਪਟਿਕਸ' ਸਥਾਪਿਤ ਕੀਤੀ। ਇਸ ਲੇਖ ਨੂੰ ਅੱਜ ਵੀ ਇਸ ਵਿਸ਼ੇ ਲਈ ਰੈਫਰੈਂਸ ਬਿੰਦੂ ਵਜੋਂ ਵਰਤਿਆ ਜਾਂਦਾ ਹੈ। ਨਵੰਬਰ 1999 ਵਿੱਚ ਪ੍ਰਸਿੱਧ ਮੈਗਜ਼ੀਨ ਫੋਰਚੂਨ ਨੇ ਸੱਤ ਵਿਅਕਤੀਆਂ ਪ੍ਰੋਫਾਈਲ ਪ੍ਰਕਾਸ਼ਿਤ ਕੀਤੇ ਜਿਨ੍ਹਾਂ ਨੇ 20ਵੀਂ ਸਦੀ ਦੀ ਜ਼ਿੰਦਗੀ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕੀਤਾ ਸੀ। ਪਰ ਉਨ੍ਹਾਂ ਨੂੰ ਓਨੀ ਪ੍ਰਸਿੱਧੀ ਨਹੀਂ ਮਿਲੀ। ਕਪਾਨੀ ਉਨ੍ਹਾਂ 'ਚੋਂ ਇੱਕ ਸੀ। ਪਰਉਪਕਾਰੀ ਇੱਕ ਪਰਉਪਕਾਰੀ ਵਜੋਂ ਕਪਾਨੀ ਸਿੱਖਿਆ ਅਤੇ ਕਲਾ ਦੇ ਖੇਤਰ ਵਿੱਚ ਸਰਗਰਮ ਰਹੇ। ਉਹ ਸਿੱਖ ਫਾਊਂਡੇਸ਼ਨ ਦਾ ਬਾਕੀ ਚੇਅਰਮੈਨ ਹੈ ਅਤੇ ਸੰਸਥਾ ਅਤੇ ਇਸਦੀਆਂ ਗਤੀਵਿਧੀਆਂ ਲਈ 30 ਸਾਲਾਂ ਤੋਂ ਵੱਡਾ ਦਾਨੀ ਹੈ। ਅੰਤਰਰਾਸ਼ਟਰੀ ਸੰਸਥਾਵਾਂ ਅਤੇ ਪ੍ਰਕਾਸ਼ਨਾਂ ਨਾਲ ਮਿਲ ਕੇ ਇਹ ਫਾਊਂਡੇਸ਼ਨ ਅਕਾਦਮਿਕ, ਪਬਲਿਸ਼ਿੰਗ ਅਤੇ ਆਰਟ ਦੇ ਖੇਤਰ ਵਿੱਚ ਕਈ ਪ੍ਰੋਗਰਾਮ ਚਲਾ ਰਹੀ ਹੈ। 1998 ਵਿੱਚ ਸ੍ਰ. ਕਪਾਨੀ ਨੇ ਯੂਨੀਵਰਸਿਟੀ ਆਫ ਕੈਲੇਫੋਰਨੀਆਂ ਸਾਂਤਾ ਬਾਰਬਰਾ ਵਿਖੇ ਸਿੱਖ ਸਟੱਡੀ ਚੇਅਰ ਸਥਾਪਿਤ ਕਰਨ ਲਈ ਧਨ ਦਿੱਤਾ। 1999 ਵਿੱਚ ਸਾਨ ਫਰਾਂਸਿਸਕੋ ਵਿਖੇ ਏਸ਼ੀਅਨ ਆਰਟ ਮਿਊਜ਼ੀਅਮ ਵਿਖੇ ਗੈਲਰੀ ਸਥਾਪਤ ਕਰਨ ਲਈ ਪੰਜ ਲੱਖ ਡਾਲਰ ਦਾਨ ਦਿੱਤੇ ਅਤੇ ਸਿੱਖ ਆਰਟ ਖਜ਼ਾਨੇ ਵਿੱਚ ਵਡਮੁੱਲੀਆਂ ਸਿੱਖ ਕਲਾਕ੍ਰਿਤਾਂ ਦਾਨ ਕੀਤੀਆਂ। ਉਹ ਮੈਕਲੋ ਸਕੂਲ, ਮੈਕਲੋ ਪਾਰਕ ਕੈਲੇਫੋਰਨੀਆਂ ਦੇ ਟਰੱਸਟੀ ਵੀ ਰਹੇ। ਇੱਕ ਕਲਾਕ੍ਰਿਤਾਂ ਸੰਭਾਲੂ ਵਜੋਂ ਕਪਾਨੀ ਨੂੰ ਮੁਹਾਰਤ ਹਾਸਲ ਹੈ। ਉਸਨੇ ਇਹ ਕਲਾਕ੍ਰਿਤਾਂ ਅਤੇ ਕਲਾ ਨਾਲ ਸਬੰਧਿਤ ਹੋਰ ਦਸਤਾਵੇਜ਼ 1990 ਨੂੰ ਲੰਡਨ ਦੇ ਵਿਕਟੋਰੀਆ ਅਤੇ ਅਲਬਰਟਾ ਮਿਊਜ਼ੀਅਮ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ 'ਆਰਟਸ ਆਫ ਸਿੱਖ ਕਿੰਗਡਮਜ਼' ਕਲਾ ਪ੍ਰਦਰਸ਼ਨੀ ਨੂੰ ਦਿੱਤੇ। ਇਸ ਤੋਂ ਇਹ ਪ੍ਰਦਰਸ਼ਨੀ ਏਸ਼ੀਅਨ ਆਰਟ ਮਿਊਜ਼ੀਅਮ ਆਫ ਸਾਨ ਫਰਾਂਸਿਸਕੋ ਵਿਖੇ ਲੱਗੀ ਜਿਸਦੇ ਸਪਾਂਸਰ ਸਿੱਖ ਫਾਊਂਡੇਸ਼ਨ ਸੀ। ਫਿਰ ਮਈ 2000 ਵਿਚ ਰਾਇਲ ਮਿਊਜ਼ੀਅਮ ਟੋਰਾਂਟੋ ਵਿਖੇ ਲੱਗੀ। ਪ੍ਰਦਰਸ਼ਨੀ 'ਸਪਲੈਂਡਰਜ਼ ਆਫ ਪੰਜਾਬ: ਸਿੱਖ ਆਰਟ ਐਂਡ ਲਿਟਰੇਚਰ ਇਨ 1992' ਵਿਸ਼ੇ 'ਤੇ ਅਧਾਰਤਿ ਇਹ ਪ੍ਰਦਰਨੀ ਸਿੱਖ ਫਾਊਂਡੇਸ਼ਨ ਦੀ 25ਵੀਂ ਵਰ੍ਹੇਗੰਢ ਮਨਾਉਣ ਲਈ ਏਸ਼ੀਅਨ ਆਰਟ ਮਿਊਜ਼ੀਅਮ ਐਂਡ ਯੂ ਸੀ ਬਰਕਲੇ ਦੇ ਸਹਿਯੋਗ ਨਾਲ ਸ੍ਰ. ਕਪਾਨੀ ਨੇ ਅਯੋਜਿਤ ਕੀਤੀ। ਇੱਕ ਆਰਟਿਸਟ ਵਜੋਂ ਸ੍ਰ. ਕਪਾਨੀ ਨੇ 40 ਡਾਈਨੋਪਟਿਕ ਸਕਲਪਚਰ ਤਿਆਰ ਕੀਤੀ ਜਿਹੜੇ ਕਿ 1972 ਵਿੱਚ ਪੈਲੇਸ ਆਫ ਫਾਈਨ ਆਰਟਸ ਸਾਨ ਫਰਾਂਸਿਸਕੋ ਵਿਖੇ ਵਨ ਮੈਨ ਸ਼ੋਅ ਵਜੋਂ ਪ੍ਰਦਰਸ਼ਿਤ ਕੀਤੇ ਗਏ। ਉਦੋਂ ਤੋਂ ਹੀ ਕਲਾ ਦਾ ਇਹ ਵਡਮੁੱਲਾ ਖਜ਼ਾਨਾ ਸ਼ਿਕਾਗੋ, ਮੋਨਟਰੀ, ਪਾਲੋ ਆਲਟੋ ਅਤੇ ਸਟੈਨਫੋਰਡ ਦੀਆਂ ਮਿਊਜ਼ੀਅਮ ਅਤੇ ਆਰਟ ਗੈਲਰੀਆਂ ਵਿਖੇ ਵਿਖਾਇਆ ਜਾਂਦਾ ਰਿਹਾ ਹੈ। ਸ੍ਰ. ਕਪਾਨੀ ਨੇ ਜਿੱਥੇ ਦੁਨੀਆਂ ਦੇ ਇੰਟਰਨੈੱਟ ਦੀ ਸਪੀਡ ਲਈ ਅੱਜ ਤੋਂ ਸਭ ਦੇ ਤੇਜ਼ ਮਾਧਿਆਮ ਆਪਟਿਕ ਫਾਈਬਰ ਦੀ ਖੋਜ ਕੀਤੀ ਉਥੇ ਉਹਨਾਂ ਨੇ ਆਪਣਾ ਵਿਰਸਾ ਅਤੇ ਸਿੱਖੀ ਨੂੰ ਵੀ ਹਿਰਦੇ ਨਾਲ ਲਾਈ ਰੱਖਿਆ। ਲੋੜ ਹੈ ਉਹਨਾਂ ਦੇ ਇਸ ਉਦਮ ਨੂੰ ਸਮੁੱਚੇ ਸਿੱਖ ਜਗਤ ਵਲੋਂ ਸਲਾਮ ਕਰਨ ਦੀ।